ਲਿਖਤ: ਅਨੁਰੀਤ
ਕੈਨੇਡਾ ਦਾ ਘੱਟ ਗਿਣਤੀ ਭਾਈਚਾਰਾ ਆਪਣੇ ਧਾਰਮਿਕ ਚਿੰਨ੍ਹਾ ਕਾਰਨ ਕਈ ਵਾਰ ਨਸਲਵਾਦੀ ਜਾਂ ਨਫਰਤ ਭਰੀਆਂ ਟਿੱਪਣੀਆਂ ਦਾ ਸਾਹਮਣਾ ਕਰਦਾ ਰਹਿੰਦਾ ਹੈ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਆਏ ਲੋਕਾਂ ਦੇ ਇਤਿਹਾਸ ਅਤੇ ਸੱਭਿਆਤਾਵਾਂ ਦੀ ਸਮਝ ਨਾ ਹੋਣ ਕਾਰਨ ਲੋਕ ਇਕ ਦੂਸਰੇ ਬਾਰੇ ਗਲ਼ਤ ਧਾਰਨਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ। ਜਿਸ ਨੂੰ ਦੇਖਦੇ ਹੋਏ ਵਰਲਡ ਸਿੱਖ ਸੰਸਥਾ ਕੈਨੇਡਾ ਵੱਲੋਂ ਇਕ ਸਿੱਖ ਐਜੂਕੇਸ਼ਨ ਗਾਇਡ ਤਿਆਰ ਕੀਤੀ ਗਈ ਹੈ। ਜਿਸ ਵਿਚ ਕੈਨੇਡਾ ਅੰਦਰ ਵੱਸਦੇ ਸਿੱਖਾਂ ਦੇ ਧਰਮ, ਉਨ੍ਹਾਂ ਦੀਆਂ ਰਿਵਾਇਤਾਂ ਅਤੇ ਇਤਿਹਾਸ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਗਈ ਹੈ। ਇਸ ਐਜੂਕੇਸ਼ਨ ਗਾਇਡ ਦਾ ਮਕਸਦ ਗ਼ੈਰ-ਸਿੱਖ ਭਾਈਚਾਰਿਆਂ, ਖਾਸ ਕਰਕੇ ਸਕੂਲਾਂ ਤੇ ਅਧਿਕਾਪਕਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਫਲਸਫੇ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ ਇਸ ਬਾਰੇ ਢੁੱਕਵੀਂ ਜਾਣਕਾਰੀ ਮੁਹੱਈਆ ਕਰਨਾ ਹੈ।
ਇਸ ਸਿੱਖ ਐਜੂਕੇਸ਼ਨ ਗਾਇਡ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਸਕੂਲਾਂ ਅੰਦਰ ਸਿੱਖ ਧਰਮ ਅਤੇ ਭਾਈਚਾਰੇ ਬਾਰੇ ਕੀ ਸਿੱਖਿਆ ਜਾ ਸਕਦਾ ਹੈ। ਜਿਸ ਵਿਚ ਪਰਿਵਾਰਾਂ ਨਾਲ ਰਿਸ਼ਤਿਆਂ ਨੂੰ ਮਜਬੂਤ ਕਰਨਾ, ਸਿੱਖ ਹੈਰੀਟੇਜ ਮਹੀਨੇ ਅਤੇ ਹੋਰ ਦਿਨ ਤਿਉਹਾਰਾਂ ਦੀ ਮਹੱਤਤਾ, ਕਕਾਰਾਂ ਨਾਲ ਸੰਬੰਧਤ ਗਾਇਡ, ਸਿੱਖ ਕਿਤਾਬਾਂ ਅਤੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਤਜ਼ੁਰਬੇ ਸ਼ਾਮਲ ਹਨ। ਦੂਸਰੇ ਭਾਗ ਵਿਚ ਸਿੱਖ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸਿਆਸੀ ਲੀਡਰਾਂ ਨੂੰ ਇਸ ਬਾਬਤ ਨੀਤੀਆਂ ਬਨਾਉਣ ਵਾਸਤੇ ਸਿਫ਼ਾਰਸ਼ਾ ਉੱਪਰ ਵਿਸਥਾਰ ਨਾਲ ਦੱਸਿਆ ਗਿਆ ਹੈ। ਐਜੂਕੇਸ਼ਨ ਗਾਇਡ ਦਾ ਤੀਸਰਾ ਹਿੱਸਾ ਸਿੱਖ ਇਤਿਹਾਸ, ਧਰਮ ਦੇ ਮੂਲ ਵਿਸ਼ਵਾਸ, ਗੁਰਦੁਆਰੇ, ਭਾਸ਼ਾ ਅਤੇ ਪੰਜਾਬ ਤੇ 1984 ਦੀ ਗੱਲ ਕਰਦਾ ਹੈ। ਇਸ ਤੋਂ ਇਲਾਵਾ ਗਾਇਡ ਦੇ ਇਸ ਭਾਗ ਵਿਚ ਕਿਸਾਨੀ ਸੰਘਰਸ਼ ਅਤੇ ਸਿੱਖ ਕੈਲੰਡਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਵਰਲਡ ਸਿੱਖ ਸੰਸਥਾ ਵਿਚ ਓਨਟਾਰੀਓ ਤੋਂ ਵਾਇਸ ਪ੍ਰੈਜ਼ੀਡੈਂਟ ਡਾ. ਜਸਪ੍ਰੀਤ ਕੌਰ ਬੱਲ ਨੇ ਦੱਸਿਆ ਕਿ ਇਸ ਗਾਇਡ ਨੂੰ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੇ ਸਕੂਲ ਬੋਰਡਜ਼ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਇਸ ਐਜੂਕੇਸ਼ਨ ਗਾਇਡ ਲਈ ਸਾਰੇ ਸਕੂਲ ਬੋਰਡਜ਼ ਤੋਂ ਵਧੀਆ ਸਮਰਥਨ ਵੀ ਮਿਲਿਆ ਹੈ। ਅਪ੍ਰੈਲ ਮਹੀਨੇ ਵਰਲਡ ਸਿੱਖ ਸੰਸਥਾ ਵੱਲੋਂ ਭਾਈਚਾਰੇ ਨੂੰ ਵੀ ਸਿੱਖ ਐਜੂਕੇਸ਼ਨ ਗਾਇਡ ਦੇ ਅਲੱਗ ਅਲੱਗ ਪਹਿਲੂਆਂ ਬਾਰੇ ਦੱਸਿਆ ਗਿਆ। ਤੁਸੀਂ ਵੀ ਇਸ ਐਜੂਕੇਸ਼ਨ ਗਾਇਡ ਨੂੰ ਵਰਲਡ ਸਿੱਖ ਸੰਸਥਾ ਦੀ ਵੈਬਸਾਇਟ www.worldsikh.org/educationguide ਤੇ ਪੜ੍ਹ ਸਕਦੇ ਹੋ।
ਸਿੱਖ ਹੈਰੀਟੇਜ ਮਹੀਨੇ ਦੀ ਮਹੱਤਤਾ ਦੱਸਦਿਆਂ ਡਾ. ਬੱਲ ਨੇ ਕਿਹਾ ਕਿ ਇਹ ਸਮਾਂ ਦਰਸਾਊਂਦਾ ਹੈ ਕਿ ਕਿਵੇਂ ਸਿੱਖ ਅਤੇ ਪੰਜਾਬੀ ਭਾਈਚਾਰੇ ਨੇ ਕੈਨੇਡਾ ਵਿਚ ਆਕੇ ਮਿਹਨਤ ਨਾਲ ਆਪਣੇ ਲਈ ਇਕ ਰੁਤਬਾ ਹਾਸਲ ਕੀਤਾ ਹੈ। ਇਹ ਸਮਾਂ ਆਪਣੀਆਂ ਕਾਮਯਾਬੀਆਂ ਅਤੇ ਚੁਣੋਤੀਆਂ ਦੀਆਂ ਗਾਥਾਵਾਂ ਨੂੰ ਦੂਸਰੇ ਭਾਈਚਾਰਿਆਂ ਨਾਲ ਸਾਂਝਾ ਕਰਨ ਦਾ ਹੁੰਦਾ ਹੈ।