1. Skip to navigation
  2. Skip to content
  3. Skip to sidebar


ਲੇਖਕ ਤਰੁਣ ਪੌਲ ਸਿੰਘ

“ ਆਪਣੇ ਭਵਿੱਖ ਬਾਰੇ ਸਰਕਾਰ ਵੱਲੋਂ ਕੋਈ ਜਵਾਬ ਨਾ ਮਿਲਣ ਕਰਕੇ ਮੈਂ ਡਿਪਰੈਸ਼ਨ ਵਿੱਚ ਜਾ ਰਿਹਾ ਹਾਂ ”

“ ਅਗਰ ਜਲਦੀ ਹੀ ਕੋਈ ਜਵਾਬ ਨਹੀਂ ਆਇਆ ਤਾਂ ਮੈਨੂੰ ਇਹ ਦੇਸ਼ ਛੱਡ ਕੇ ਜਾਣਾ ਪੈਣਾ ਹੈ ”

 

ਕੈਨੇਡਾ  ਵਿੱਚ ਅਸਥਾਈ ਵਿਦੇਸ਼ੀ ਕਰਮਚਾਰੀ ਦੀ ਦੁਰਦਸ਼ਾ ਵੱਲ ਇਕ ਨਜ਼ਰ ਮਾਰੀ ਜਾਵੇ ਤਾਂ ਐਕਸਪ੍ਰੈਸ ਐਂਟਰੀ ਕੈਨੇਡੀਅਨ ਅਨੁਭਵ ਕਲਾਸ ਡਰਾਅ ਵਿੱਚ ਦੇਰੀ ਕਾਰਨ ਲੋਕ ਕਾਫ਼ੀ ਪ੍ਰਭਾਵਤ ਹੋਏ ਹਨ। ਇਸ ਦਾ ਸਿੱਧਾ ਅਸਰ ਵਰਕਿੰਗ ਪ੍ਰੋਫੈਸ਼ਨਲ  ਤੇ ਪੈ ਰਿਹਾ ਹੈ, ਜਿਨ੍ਹਾਂ ਨੇ ਕਈ ਸਾਲ ਆਰਥਿਕਤਾ ਵਿਚ ਆਪਣਾ ਯੋਗਦਾਨ ਪਾਇਆ ਹੈ,  ਇਥੇ ਲਗਤਾਰ ਕੰਮ ਕਰਕੇ, ਸਾਰੀ ਸਾਰੀ ਰਾਤ ਸ਼ਿਫਟਾਂ ਲਗਾ ਕੇ, ਇਸ ਉਮੀਦ ਨਾਲ ਕਿ ਸਰਕਾਰ ਉਨ੍ਹਾਂ ਨੂੰ ਸਥਾਈ ਨਿਵਾਸੀ ਵਿਚ ਮਦਤ ਕਰੇਗੀ। ਪਰ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਜਿਹਾ ਲਗ ਰਿਹਾ ਹੈ ਕਿ  ਸ਼ਾਇਦ ਉਨ੍ਹਾਂ ਨੂੰ ਆਪਣੇ ਮੁਲਕ ਵਾਪਸ ਹੀ ਪਰਤਣਾ ਪਵੇਗਾ।

 

“ ਇਸ ਬਾਰੇ ਸਰਕਾਰ ਦੀ ਕੋਈ ਪਾਰਦਰਸ਼ਤਾ ਨਹੀਂ ਹੈ ਕਿ ਸਾਡਾ ਭਵਿੱਖ ਇਸ ਮੁਲਕ ਵਿਚ  ਕਿਸ ਤਰਾਂ ਦਾ ਹੋਵੇਗਾ ” ਅਭਿਸ਼ੇਕ ਐਂਟਨੀ ਜਿਨ੍ਹਾਂ ਨੂੰ ਕੈਨੇਡਾ ਵਿਚ ਆਏ ਕਾਫ਼ੀ ਸਾਲ ਬੀਤ ਗਏ ਨੇ ਉਹ ਆਪਣੇ ਆਉਣ ਵਾਲੇ ਵਖ਼ਤ ਨੂੰ ਦੇਖ ਕੇ ਚਿੰਤਤ ਹਨ।   ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਤੋਂ ਪ੍ਰਾਪਤ ਹੋਏ  ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਕ ਫਰਵਰੀ ਤੱਕ 1.8 ਮਿਲੀਅਨ ਤੋਂ ਵੱਧ ਇਮੀਗਰੇਸ਼ਨ ਅਰਜ਼ੀਆਂ ਦਾ ਬੈਕਲੋਗ ਸੀ।  ਜਿਸ ਵਿੱਚ 519,030 ਸਥਾਈ ਨਿਵਾਸ ਅਰਜ਼ੀਆਂ, 158,778 ਸ਼ਰਨਾਰਥੀ ਅਰਜ਼ੀਆਂ, 848,598 ਅਸਥਾਈ ਨਿਵਾਸ ਅਰਜ਼ੀਆਂ ਅਤੇ  448,000 ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀਆਂ ਪੈਨਡਿੰਗ ਵਿਚ ਚਲ ਰਹੀਆਂ ਹਨ I

“ਇਸ ਸਾਲ  ਵਿਚ ਮੇਰੇ ਪੰਜ ਪੁਆਇੰਟ ਘੱਟ ਚੁਕੇ ਹਨ, ਮੇਰੀ ਉਮਰ ਦੇ ਕਾਰਨ, ਜਿਵੇ -ਜਿਵੇ ਤੁਹਾਡੀ ਉਮਰ ਵਧਦੀ  ਹੈ ਤੁਹਾਡੇ ਪੁਆਇੰਟ ਘਟਣੇ ਸ਼ੁਰੂ ਹੋ ਜਾਂਦੇ ਹਨ ” ਅਰਮੀਤ ਜੋ ਕਿ ਆਪਣੇ ਪਰਿਵਾਰ ਨਾਲ ਇਥੇ ਵੱਸ ਚੁੱਕੇ ਹਨ, ਉਨ੍ਹਾਂ ਵਲੋਂ ਵੀ ਆਪਣੀਆਂ ਤਕਲੀਫਾਂ ਸਾਡੇ ਨਾਲ ਸਾਂਝੀਆਂ ਕੀਤੀਆਂ  ਗਈਆਂ।

 

ਇਮੀਗਰੇਸ਼ਨ ਅਤੇ ਨਾਗਰਿਕਤਾ ਮੰਤਰੀ ਸ਼ੌਣ ਫਰੇਜ਼ਰ ਨੇ ਪਿਛਲੇ ਦਿਨੀਂ ਕੀਤੇ ਇਕ ਐਲਾਨ ਵਿਚ ਦੱਸਿਆ ਸੀ ਕਿ   IRCC ਨੇ 2022 ਦੀ ਪਹਿਲੀ ਤਿਮਾਹੀ ਵਿੱਚ 147,000 ਸਥਾਈ ਨਿਵਾਸ ਦੇ ਅੰਤਿਮ ਫੈਸਲੇ ਲੈਣ ਦੇ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਮੁਤਾਬਕ ਕੈਨੇਡਾ ਨੇ ਇਸ ਸਾਲ ਹੁਣ ਤੱਕ 108,000 ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਹੈ। ਕੰਮ ਕਰਨ ਵਾਲੇ ਪੇਸ਼ੇਵਰਾਂ ਮੁਤਾਬਕ ਸਰਕਾਰ ਵੱਲੋਂ ਕਾਫੀ ਦੇਰੀ ਹੋ ਗਈ ਹੈ।

ਗੌਰਤਲਬ ਹੈ ਕਿ  IRCC ਵੱਲੋਂ ਦਸੰਬਰ 2020 ਤੋਂ  ਸੰਘੀ ਹੁਨਰਮੰਦ ਵਰਕਰ ਪ੍ਰੋਗਰਾਮ ਅਤੇ ਸਤੰਬਰ 2021 ਤੋਂ CEC draw ਕੱਢੇ ਨਹੀਂ ਗਏ ਹਨ। ਜਿਸ ਤੋਂ ਬਿਨਾਂ,  ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਵੱਲੋਂ ਉਡੀਕ ਜਾਰੀ ਹੈ ਜੋ ਇਹਨਾਂ ਪ੍ਰੋਗਰਾਮਾਂ ਰਾਹੀਂ ਯੋਗ ਹੋ ਸਕਦੇ ਸਨ। ਇਕ ਵਰਕਿੰਗ ਪ੍ਰੋਫੈਸ਼ਨਲ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ ਉਨ੍ਹਾਂ ਮੁਤਾਬਕ  ਉਹ  ਮਾਨਸਿਕ ਦਬਾਓ ਮਹਿਸੂਸ ਕਰ ਰਹੇ ਨੇ।

ਇਸ ਮਸਲੇ ਨੂੰ ਦੇਖਦੇ ਹੋਏ ਦੇਸ਼ ਭਰ ਦੇ ਵਰਕਿੰਗ ਪ੍ਰੋਫੈਸ਼ਨਲ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਅਤੇ ਜਿੰਨ੍ਹਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।ਸਪਸ਼ਟ ਸ਼ਬਦਾਂ ਵਿਚ ਜੇ ਇੰਨ੍ਹਾਂ ਦੀਆਂ ਮੰਗਾਂ ਸਾਹਮਣੇ ਰੱਖੀਆਂ ਜਾਣ ਤਾਂ ਉਨ੍ਹਾਂ ਵਿਚ:

  • ਜਿੰਨੀ ਜਲਦੀ ਹੋ ਸਕੇ CEC ਡਰਾਅ ਮੁੜ ਸ਼ੁਰੂ ਕਰਨਾ
  • ਆਰਜ਼ੀ ਕਾਮੇ ਘੱਟੋ-ਘੱਟ 18 ਮਹੀਨਿਆਂ ਲਈ ਆਪਣੇ ਵਰਕ ਪਰਮਿਟ ਨੂੰ ਵਧਾ ਸਕਣ
  • TR ਤੋਂ  PR pathway  ਨੂੰ ਮੁੜ ਖੋਲ੍ਹਣਾ
  • ਕੈਨੇਡੀਅਨ DLI ਤੋਂ ਗ੍ਰੈਜੂਏਟ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਤਰਜੀਹੀ ਤੇ PR ਐਪਲੀਕੇਸ਼ਨ ਪ੍ਰੋਸੈਸਿੰਗ
  • In- Canada PNP ਉਮੀਦਵਾਰਾਂ ਲਈ ਫਾਸਟ ਟਰੈਕ PR ਐਪਲੀਕੇਸ਼ਨ
  • ਅਸਥਾਈ ਸਥਿਤੀ ਦੀ ਸਮਾਪਤੀ ਦੇ ਆਧਾਰ  ਤੇ PR  ਐਪਲੀਕੇਸ਼ਨਾਂ ਨੂੰ ਤਰਜੀਹ ਦੇਣਾ