1. Skip to navigation
  2. Skip to content
  3. Skip to sidebar


ਨੈਸ਼ਨਲ ਹਾਕੀ ਲੀਗ

ਨੈਸ਼ਨਲ ਹਾਕੀ ਲੀਗ, ਜਿਹੜੀ ਐਨ ਐਚ ਐਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਦੀ ਕਨੇਡਾ ਵਿੱਚ ਸ਼ੁਰੂਆਤ 1917 ਵਿੱਚ ਹੋਈ ਸੀ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਟੀਮਾਂ ਆਈਆਂ ਤੇ ਗਈਆਂ, ਪਰ ਸ਼ੁਰੂ ਤੋਂ ਹੀ ਛੇ ਟੀਮਾਂ ਸਥਿਰ ਰਹੀਆਂ ਹਨ। ਬੌਸਟਨ ਬਰੂਇਨਜ਼, ਸ਼ਿਕਾਗੋ ਬਲੈਕਹਾਕਸ, ਡੈਟਰੋਇਟ ਰੈਡ ਵਿੰਗਜ਼, ਮੌਟਰੀਅਲ ਕਨੇਡੀਅਨਜ਼, ਨਿਊਯਾਰਕ ਰੇਂਜਰਜ਼ ਅਤੇ ਟਰਾਂਟੋਂ ਮੇਪਲ ਲੀਫਸ ਜਿਹਨਾਂ ਨੂੰ ‘ਮੁਢਲੀਆਂ ਛੇ’ ਜਾਂ “The Original Six” ਕਰਕੇ ਵੀ ਜਾਣਿਆ ਜਾਂਦਾ ਹੈ।

ਇਸ ਵੇਲੇ ਐਨ ਐਚ ਐਲ ਵਿੱਚ ਕੁੱਲ 30 ਟੀਮਾਂ ਸ਼ਾਮਲ ਹਨ, ਜਿਹਨਾਂ ਵਿੱਚੋ 7 ਕਨੇਡਾ ਅਤੇ 23 ਅਮਰੀਕਾ ਦੀਆਂ ਹਨ। ਲੀਗ ਨੂੰ ਦੋ ਕਾਨਫਰੰਸਾਂ ਵਿੱਚ ਵੰਡਿਆ ਗਿਆ ਹੈ: ਈਸਟਰਨ, ਭਾਵ ਪੂਰਬੀ ਅਤੇ ਵੈਸਟਰਨ, ਭਾਵ ਪੱਛਮੀ। ਹਰ ਕਾਨਫਰੰਸ ਨੂੰ ਅੱਗੋਂ ਦੋ ਡਿਵੀਜ਼ਨਾਂ ਵਿੱਚ ਹਨ। ਈਸਟਨ ਕਾਨਫਰੰਸ ਵਿੱਚ 16 ਟੀਮਾਂ ਆਉਂਦੀਆਂ ਹਨ, ਅਤੇ ਇਸ ਵਿੱਚ ਐਟਲਾਂਟਿਕ ਅਤੇ ਮੈਟਰੋਪੌਲੀਟਨ ਡਿਵੀਜ਼ਨਾਂ ਸ਼ਾਮਲ ਹਨ। ਵੈਸਟਰਨ ਕਾਨਫਰੰਸ ਵਿੱਚ 14 ਟੀਮਾਂ ਹਨ ਅਤੇ ਇਸ ਵਿੱਚ ਪੈਸੀਫਿਕ ਅਤੇ ਸੈਟਰਲ ਡਿਵੀਜ਼ਨਾਂ ਆਉਂਦੀਆਂ ਹਨ।

ਰੈਗੂਲਰ ਸੀਜ਼ਨ ਵਿੱਚ ਹਰ ਟੀਮ 82 ਗੇਮਾਂ ਖੈਡਦੀ ਹੈ, ਜਿਹਨਾਂ ਵਿੱਚੋਂ ਅੱਧੀਆਂ ਉਸਦੇ ਆਪਣੇ ਸ਼ਹਿਰ ਵਿੱਚ ਅਤੇ ਅੱਧੀਆਂ ਦੂਜੀਆਂ ਟੀਮਾਂ ਦੇ ਟਿਕਾਣਿਆਂ ਤੇ ਖੇਡੀਆਂ ਜਾਂਦੀਆਂ ਹਨ। ਲੀਗ ਵਿੱਚ ਪੁਆਇੰਟ ਸਿਸਟਮ ਚਲਦਾ ਹੈ। ਗੇਮ ਜਿੱਤਣ ਵਾਲੀ ਟੀਮ ਨੂੰ ਦੋ ਪੁਆਇੰਟ ਮਿਲਦੇ ਹਨ। ਜੇਕਰ ਕੋਈ ਟੀਮ ਓਵਰ-ਟਾਈਮ ਜਾਂ ਸ਼ੂਟ-ਆਊਟ ਵਿੱਚ ਹਾਰ ਜਾਵੇ ਤਾਂ ਉਸਨੂੰ ਇਕ ਪੁਆਇੰਟ ਮਿਲਦਾ ਹੈ।

ਰੈਗੂਲਰ ਸੀਜ਼ਨ ਤੋਂ ਬਾਅਦ, 16 ਟੀਮਾਂ ਪਲੇਆਫਸ ਵਿੱਚ ਪਹੁੰਚਦੀਆਂ ਹਨ: ਚਾਰ ਡਿਵੀਜ਼ਨਾਂ ਦੀਆਂ ਤਿੰਨ-ਤਿੰਨ ਉੱਚਕੋਟੀ ਦੀਆਂ ਟੀਮਾਂ ਅਤੇ ਉਹਨਾਂ ਤੋਂ ਹੇਠਾਂ ਹਰੇਕ ਕਾਨਫਰੰਸ ਵਿੱਚ ਸਭ ਤੋਂ ਵੱਧ ਪੁਆਇੰਟ ਲੈਣ ਵਾਲੀਆਂ ਦੋ-ਦੋ ਟੀਮਾਂ। ਪਲੇਆਫਸ ਦੇ ਚੈਮਪੀਅਨ ਨੂੰ ਸਟੈਨਲੀ ਕੱਪ ਨਾਲ ਨਿਵਾਜ਼ਿਆ ਜਾਂਦਾ ਹੈ, ਜੋ ਕਿ ਉੱਤਰੀ ਅਮਰੀਕਾ ਵਿੱਚ ਪ੍ਰੋਫੈਸ਼ਨਲ ਖੇਡਾਂ ਦੀ ਸਭ ਤੋਂ ਪੁਰਾਣੀ ਟਰਾਫੀ ਹੈ।