1. Skip to navigation
  2. Skip to content
  3. Skip to sidebar


ਐਨ ਐਚ ਐਲ ਦੀਆਂ ਸਭ ਤੋਂ ਮਹਾਨ ਟੀਮਾਂ

ਸਟੈਨਲੀ ਕੱਪ, ਇੱਕ ਚੈਮਪੀਅਨਸ਼ਿਪ ਟਰਾਫੀ ਹੈ ਜਿਹੜੀ ਹਰ ਸਾਲ ਨੈਸ਼ਨਲ ਹਾਕੀ ਲੀਗ ਪਲੇਆਫਜ਼ ਦੀ ਜੇਤੂ ਟੀਮ ਨੂੰ ਸਟੈਨਲੀ ਕੱਪ ਫਾਈਨਲ ਮੁਕਾਬਲੇ ਦੀ ਸਮਾਪਤੀ ਤੇ ਪ੍ਰਦਾਨ ਕੀਤੀ ਜਾਂਦੀ ਹੈ।

ਲੀਗ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਮੌਨਟਰੀਅਲ ਕਨੇਡੀਅਨਜ਼ ਨੇ 23 ਵਾਰ ਸਟੈਨਲੀ ਕੱਪ ਜਿੱਤਿਆ ਹੈ, ਅਤੇ ਇਸ ਤਰਾਂ ਇਹ ਕੱਪ ਦੂਜੇ ਸਥਾਨ ਤੇ ਰਹਿਣ ਵਾਲੇ ਟੋਰਾਂਟੋ ਮੇਪਲ ਲੀਫਜ਼ ਨਾਲੋਂ 10 ਵਾਰ ਜ਼ਿਆਦਾ ਕਨੇਡੀਅਨਜ਼ ਦੀ ਝੋਲੀ ਪਿਆ ਹੈ।

1951 ਤੋਂ 60 ਤੱਕ ਮੌਨਟਰੀਲ ਦੀ ਟੀਮ ਹਰੇਕ ਸੀਜ਼ਨ ਵਿੱਚ ਕੱਪ ਦੇ ਫਾਈਨਲ ਵਿੱਚ ਪਹੁੰਚਦੀ ਰਹੀ ਸੀ। ਉਸਨੇ ’56 ਤੋਂ 60 ਤੱਕ ਲਗਾਤਾਰ ਪੰਜ ਵਾਰ ਇਹ ਕੱਪ ਜਿੱਤਿਆ ਸੀ ਅਤੇ ਫਿਰ 1965 ਤੋਂ 1979 ਤੱਕ ਉਹ 10 ਵਾਰੀ ਫਿਰ ਜੇਤੂ ਰਹੇ ਸਨ। ਉਸਤੋਂ ਬਾਅਦ ਉਹਨਾਂ ਨੇ 1986 ਅਤੇ ’93 ਵਿੱਚ ਦੋ ਵਾਰ ਇਹ ਕੱਪ ਜਿੱਤਿਆ ਹੈ।

ਅੱਜ-ਕੱਲ ਸਟੈਨਲੀ ਕੱਪ ਤੇ ਕਿਸੇ ਇੱਕ ਟੀਮ ਦੀ ਸਰਦਾਰੀ ਦੀ ਮਿਸਾਲ ਘੱਟ ਹੀ ਦੇਖਣ ਨੂੰ ਮਿਲਦੀ ਹੈ। ਨਿਊ ਯਾਰਕ ਆਈਲੈਂਡਰਜ਼ ਨੇ ’80, ’81, ’82 ਅਤੇ ’83 ਵਿੱਚ ਲਗਾਤਾਰ ਚਾਰ ਵਾਰ ਇਹ ਕੱਪ ਜਿੱਤਿਆ ਹੈ। ਐਡਮਿੰਟਨ ਆਇਲਰਜ਼ ਨੇ 1984 ਤੋਂ 1990 ਦੇ ਦਰਮਿਆਨ ਪੰਜ ਵਾਰ ਇਹ ਕੱਪ ਜਿੱਤਿਆ ਸੀ- ਪਰ ਉਸਤੋਂ ਬਾਅਦ ਸਿਰਫ ਡੈੱਟਰਾਇਟ ਰੈੱਡ ਵਿੰਗਜ਼ ਹੀ ਲਗਾਤਾਰ ਦੋ ਵਾਰ, ’97 ਅਤੇ ’98 ਵਿੱਚ ਇਹ ਕੱਪ ਜਿੱਤ ਸਕੇ ਹਨ।

ਅੱਜ ਕੱਲ ਕੇਵਲ ਲੌਸ ਐਂਜਲਸ ਕਿੰਗਜ਼ ਅਤੇ ਸ਼ਿਕਾਗੋ ਬਲੈਕਹਾਕਸ ਅਜੇਹੀਆਂ ਦੋ ਟੀਮਾਂ ਹਨ, ਜਿਹਨਾਂ ਨੂੰ ਸਟੈਨਲੀ ਕੱਪ ਲਈ ਮਜ਼ਬੂਤ ਦਾਹਵੇਦਾਰ ਸਮਝਿਆ ਜਾ ਸਕਦਾ ਹੈ। ਕਿੰਗਜ਼ ਨੇ ਪਿਛਲੇ ਤਿੰਨ ਸੀਜ਼ਨਾਂ ਦੌਰਾਨ, ਦੋ ਵਾਰ ਸਟੈਨਲੀ ਕੱਪ ਜਿੱਤਿਆ ਹੈ ਜਦ ਕਿ ਸ਼ਿਕਾਗੋ, 2010 ਅਤੇ ’13 ਵਿੱਚ ਜੇਤੂ ਰਹੀ ਹੈ।