ਜਸਪ੍ਰੀਤ ਪੰਧੇਰ
ਭਾਰਤ ਲਈ ਪੰਜ ਸਾਲਾ ਵਿਜ਼ਟਰ ਵੀਜ਼ਾ ਮੁੜ ਤੋਂ ਸ਼ੁਰੂ, ਦਸ ਸਾਲਾ ਸੈਰ-ਸਪਾਟਾ ਵੀਜ਼ਾ ਅਜੇ ਵੀ ਮੁਅੱਤਲ : ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ, ਕੌਂਸਲ ਜਨਰਲ |
ਕਰੀਬ ਦੋ ਸਾਲ ਬਾਅਦ ਜਿਵੇਂ ਹੀ ਕੋਵਿਡ-19 ਦੀਆਂ ਪਾਬੰਦੀਆਂ ਵਿੱਚ ਰਿਆਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਨਤੀਜ਼ੇ ਵਜੋਂ ਕੈਨੇਡਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧ ਗਈ ਹੈ ਅਤੇ ਲੋਕਾਂ ਨੇ ਆਪਣੇ ਅਟੈਚੀ ਬੰਨਕੇ ਜਹਾਜ਼ ਦੀਆਂ ਟਿਕਟਾਂ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਸਰਕਾਰ ਦੇ ਲੰਬੇ ਅਰਸੇ ਤੋਂ ਬੰਦ ਪਏ ਸੈਰ-ਸਪਾਟੇ ਦੀ ਸ਼੍ਰੇਣੀ ਦੇ ਕੁਝ ਵੀਜ਼ਿਆ ਨੂੰ ਮੁੜ ਬਹਾਲ ਕਰ ਦਿੱਤਾ ਹੈ ਪਰ ਕੁਝ ਅਜੇ ਵੀ ਮੁਲਤਵੀ ਹਨ। ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਅਨੁਸਾਰ ਦਸ ਸਾਲਾ ਮਲਟੀਪਲ ਵਿਜ਼ਟਰ ਸਮੇਤ ਸਾਰੇ ਹੀ ਈ – ਵੀਜ਼ੇ ਮੁਲਤਵੀ ਹਨ ਪਰ ਪੰਜ ਸਾਲਾ ਵਿਜ਼ਟਰ ਵੀਜ਼ੇ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਅਨੁਸਾਰ 27 ਮਾਰਚ ਤੋਂ ਭਾਰਤ ਜਾਣ ਵਾਲੀਆਂ ਸਾਰੀਆਂ ਉਦਯੋਗਿਕ ਉਡਾਨਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਹੁਣ ਸਿੱਧੀਆਂ ਫਲਾਈਟਾਂ ਦੀ ਬਜਾਏ ਲੋਕ ਤੀਸਰੇ ਦੇਸ਼ ਵਿੱਚ ਰੁੱਕ ਕੇ ਜਾਂਦੀਆਂ ਉਡਾਨਾਂ ਵੀ ਬੁੱਕ ਕਰਕੇ ਜਾ ਸਕਦੇ ਹਨ। ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਦਾ ਕਹਿਣਾ ਹੈ ਕਿ ਜ੍ਹਿਨਾਂ ਦੇ ਕੋਵਿਡ-19 ਦੇ ਦੋਨੋਂ ਟੀਕੇ ਲੱਗੇ ਹਨ ਉਹਨਾਂ ਨੂੰ RTPCR ਟੈਸਟ ਦੀ ਲੋੜ ਨਹੀਂ ਪਰ ਜਿਹਨਾਂ ਦਾ ਟੀਕਾਕਰਨ ਨਹੀਂ ਹੋਇਆ ਉਹਨਾਂ ਨੂੰ ਭਾਰਤ ਜਾਣ ਵਾਸਤੇ RTPCR ਟੈਸਟ ਦੀ ਨੈਗਟਿਵ ਰਿਪੋਰਟ ਲਾਜ਼ਮੀ ਹੈ।
ਕੈਨੇਡਾ ਤੋਂ ਭਾਰਤ ਜਾਣ ਵਾਲੀਆਂ ਫਲਾਈਟਾਂ ਵਿਚ ਸਭ ਤੋਂ ਵੱਧ ਗਿਣਤੀ ਪੰਜਾਬ ਜਾਣ ਵਾਲੇ ਯਾਤਰੀਆਂ ਦੀ ਹੁੰਦੀ ਹੈ। ਇਸ ਲਈ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਜਾਵੇ ਪਰ ਕੌਂਸਲ ਜਨਰਲ ਸ਼੍ਰੀਮਤੀ ਸ਼੍ਰੀਵਾਸਤਵਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦਾ ਇਸ ਸੰਬੰਧੀ ਫੈਸਲਾ ਲੈਣ ਵਿਚ ਕੋਈ ਰੋਲ ਨਹੀਂ ਹੈ ਅਤੇ ਇਹ ਫੈਸਲਾ ਹਵਾਈ ਕੰਪਨੀਆਂ ਦਾ ਨਿੱਜੀ ਹੈ।
ਭਾਰਤ ਦੇ ਵੀਜ਼ੇ ਲਈ ਵਧ ਰਹੀ ਮੰਗ ਨੂੰ ਦੇਖਦਿਆਂ ਬਰੈਂਮਪਟਨ ਵਿਚ ਪੁਰਾਣੀ BLS ਵਾਲੀ ਜਗ੍ਹਾ ਦੇ ਨਾਲ ਹੀ ਸ਼੍ਰੀਮਤੀ ਸ਼੍ਰੀਵਾਸਤਵਾ ਅਨੁਸਾਰ ਕੁਝ ਹੋਰ ਨਵੇਂ ਕਾਊਂਟਰ ਵੀ ਲਗਾਏ ਗਏ ਹਨ ਅਤੇ ਸਮਰੱਥਾ ਹੁਣ ਡੇਢ ਗੁਣਾਂ ਤੱਕ ਵਧਾ ਦਿੱਤੀ ਗਈ ਹੈ।
ਦੇਖੋ ਮੁਢਲੀ ਖ਼ਬਰ: https://www.omnitv.ca/on/en/videos/long-lineups-to-get-indian-visa-in-brampton/
ਫੋਲੋ ਉੱਪ ਖ਼ਬਰ: https://www.omnitv.ca/on/en/videos/early-appointments-available-at-brampton-bls-office/